ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਹੋਇਆ ਸੀ ਅਹਿਸਾਸ: ਸੋਨੂੰ ਸੂਦ

bollywood actor sonu sood

ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਹੋਇਆ ਸੀ ਅਹਿਸਾਸ: ਸੋਨੂੰ ਸੂਦ
Punjab E News :-  ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਸੂਬੇ ਦੇ ਬਣਾਏ ਆਈਕਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਨੌਜਵਾਨਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਉਨਾਂ ਨੂੰ ਖ਼ੁਦ ਪਹਿਲੀ ਵਾਰ ਵੋਟ ਪਾਉਣ ਵੇਲੇ ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਸੀ।
        ਪੰਜਾਬ ਭਵਨ ਵਿੱਚ ਰੱਖੀ ਪ੍ਰੈੱਸ ਕਾਨਫਰੰਸ ਨੂੰ ਆਨਲਾਈਨ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਸੋਨੂੰ ਸੂਦ ਨੇ ਕਿਹਾ ਕਿ ਜਦੋਂ ਉਨਾਂ ਮੋਗਾ ਵਿੱਚ ਪਹਿਲੀ ਵਾਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ ਤਾਂ ਆਪਣੇ ਪਿਤਾ ਜੀ ਨਾਲ ਸਕੂਟਰ ਉਤੇ ਗਏ ਸਨ। ਉਸ ਵੇਲੇ ਜੋ ਜ਼ਿੰਮੇਵਾਰੀ ਦਾ ਅਹਿਸਾਸ ਹੋਇਆ ਸੀ, ਉਹੀ ਅਹਿਸਾਸ ਹੁਣ ਹੋ ਰਿਹਾ ਹੈ, ਜਦੋਂ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਦੀ ਸੇਵਾ ਮਿਲੀ ਹੈ।
       ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਦੀ ਹਾਜ਼ਰੀ ਵਿੱਚ ਹੋਈ ਇਸ ਪ੍ਰੈੱਸ ਕਾਨਫਰੰਸ ਦੌਰਾਨ ਬਾਲੀਵੁੱਡ ਅਦਾਕਾਰ ਨੇ ਪੰਜਾਬ ਵਾਸੀਆਂ ਨੂੰ ਵੋਟਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਣੇ ਵੋਟ ਅਧਿਕਾਰ ਦੀ ਵਰਤੋਂ ਨਾਲ ਹੀ ਅਸੀਂ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਕਾਮਯਾਬ ਹੋ ਸਕਦੇ ਹਾਂ।ਉਨਾਂ ਨੌਜਵਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੋਟ ਬਣਾਉਣ ਅਤੇ ਬਿਨਾਂ ਕਿਸੇ ਡਰ ਅਤੇ ਲਾਲਚ ਦੇ ਇਸ ਅਧਿਕਾਰ ਦੀ ਵਰਤੋਂ ਕਰਨ।
        ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਸੋਨੂੰ ਸੂਦ ਨੇ ਕਿਹਾ ਕਿ ਉਨਾਂ ਦਾ ਕਿਸੇ ਵੀ ਸਿਆਸੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਲਾਕਡਾਊਨ ਦੌਰਾਨ ਲੋਕਾਂ ਨੂੰ ਘਰ ਘਰ ਭੇਜਣ ਲਈ ਕੀਤੀ ਸੇਵਾ ਪਿੱਛੇ ਕੋਈ ਸਿਆਸੀ ਮੰਤਵ ਨਹੀਂ ਸੀ। ਸਗੋਂ ਇਸ ਸੇਵਾ ਦਾ ਮੰਤਵ ਸਿਰਫ਼ ਤੇ ਸਿਰਫ਼ ਮੁਸ਼ਕਲ ਦੀ ਘੜੀ ਵਿੱਚ ਲੋਕਾਂ ਦੀ ਸੇਵਾ ਕਰਨਾ ਸੀ। ਉਨਾਂ ਠੇਠ ਪੰਜਾਬੀ ਵਿੱਚ ਬੋਲਦਿਆਂ ਪੰਜਾਬੀਆਂ ਦੇ ਸਿਆਸੀ ਤੌਰ ਉਤੇ ਵਧੇਰੇ ਜਾਗਰੂਕ ਹੋਣ ਦਾ ਜ਼ਿਕਰ ਕੀਤਾ।
         ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਭਵਨ ਵਿੱਚ ਹਾਜ਼ਰ ਵਧੀਕ ਮੁੱਖ ਚੋਣ ਅਧਿਕਾਰੀ ਸ੍ਰੀਮਤੀ ਮਾਧਵੀ ਕਟਾਰੀਆ ਨੇ ਸੋਨੂੰ ਸੂਦ ਨੂੰ ਇਸ ਮੁਹਿੰਮ ਨਾਲ ਜੋੜਨ ਪਿੱਛੇ ਦੀ ਪੂਰੀ ਕਹਾਣੀ ਦੱਸੀ ਅਤੇ ਦੱਸਿਆ ਕਿ ਕਿਵੇਂ ਉਨਾਂ ਬਾਲੀਵੁੱਡ ਅਦਾਕਾਰ ਨਾਲ ਸੰਪਰਕ ਕਰ ਕੇ ਇਸ ਮੁਹਿੰਮ ਨਾਲ ਜੋੜਿਆ। ਉਨਾਂ ਪੰਜਾਬ ਦੇ ਨੌਜਵਾਨਾਂ ਨੂੰ ਆਪਣੀ ਵੋਟ ਬਣਵਾਉਣ ਅਤੇ ਇਸ ਦੀ ਵਰਤੋਂ ਜਾਗਰੂਕਤਾ ਨਾਲ ਕਰਨ ਦੀ ਅਪੀਲ ਕੀਤੀ ਅਤੇ ਥੋੜ ਚਿਰੇ ਲਾਭਾਂ ਨੂੰ ਨਜ਼ਰਅੰਦਾਜ਼ ਕਰਨ ਲਈ ਕਿਹਾ।

Nov 23 2020 8:48PM
bollywood actor sonu sood
Source: Punjab E News

Leave a comment