ਜਲੰਧਰ ਦੇ ਨੌਜਵਾਨ ਵਕੀਲ ਏਪੀਐਸ ਸਹਿਗਲ ਨੂੰ ਸੁਪਰੀਮ ਕੋਰਟ ਵਿੱਚ ਭਾਰਤ ਸਰਕਾਰ ਦੇ ਵਕੀਲ ਵਜੋਂ ਹੋਏ ਨਿਯੁਕਤ
Jalandhar News: ਇੱਕ ਵਿਲੱਖਣ ਪ੍ਰਾਪਤੀ ਹਾਸਲ ਕਰਦੇ ਹੋਏ ਜਲੰਧਰ ਦੇ ਐਡਵੋਕੇਟ ਅਜੈ ਪ੍ਰਤਾਪ ਸਿੰਘ ਸਹਿਗਲ ਨੂੰ ਦੇਸ਼ ਦੀ ਸੁਪਰੀਮ ਕੋਰਟ ਵਿੱਚ ਭਾਰਤ ਸਰਕਾਰ ਦਾ ਵਕੀਲ ਨਿਯੁਕਤ ਕੀਤਾ ਗਿਆ ਹੈ। ਇਹ ਵੱਕਾਰੀ ਨਿਯੁਕਤੀ ਐਡਵੋਕੇਟ ਸਹਿਗਲ ਦੇ ਕਾਨੂੰਨੀ ਕੈਰੀਅਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਪਰਿਵਾਰ ਵਿੱਚ ਪਹਿਲੀ ਪੀੜ੍ਹੀ ਦੇ ਵਕੀਲ, ਸਹਿਗਲ ਨੇ ਸਿੰਬਾਇਓਸਿਸ, ਪੁਣੇ ਤੋਂ ਗ੍ਰੈਜੂਏਸ਼ਨ ਕੀਤੀ ਅਤੇ 2015 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਆਪਣੀ ਕਾਨੂੰਨੀ ਯਾਤਰਾ ਸ਼ੁਰੂ ਕੀਤੀ। ਕੁੱਝ ਸਾਲਾਂ ਦੌਰਾਨ, ਉਨਾਂ ਨੇ ਹਾਈ ਕੋਰਟ ਵਿੱਚ ਵਧੀਆ ਪ੍ਰੈਕਟਿਸ ਕੀਤੀ, ਜਿਸ ਦੌਰਾਨ ਉਨਾਂ ਨੂੰ ਵੱਖ-ਵੱਖ ਮੁਕੱਦਮਿਆਂ ਨੂੰ ਸੰਭਾਲਣ ਵਿੱਚ ਕੀਮਤੀ ਤਜਰਬਾ ਹਾਸਲ ਹੋਇਆ।
ਸਹਿਗਲ ਦੀ ਮੁਹਾਰਤ ਅਤੇ ਕਾਨੂੰਨੀ ਮਾਮਲਿਆਂ ਵਿੱਚ ਪੱਕੜ ਨੇ ਉਨਾਂ ਨੂੰ ਵੱਡੇ ਪੱਧਰ ਨੇ ਮਾਨਤਾ ਦਿੱਤੀ, ਖਾਸ ਤੌਰ ‘ਤੇ ਮੁਸ਼ਕਲ ਕੇਸਾਂ ਨੂੰ ਸੰਭਾਲਣ ਲਈ। ਭਾਰਤ ਸਰਕਾਰ ਦੇ ਵਕੀਲ ਵਜੋਂ ਗਰੁੱਪ ਏ ਪੈਨਲ ਵਿੱਚ ਉਨਾਂ ਦੀ ਨਿਯੁਕਤੀ ਇਸ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਹੈ।
ਐਡਵੋਕੇਟ ਸਹਿਗਲ ਜਲੰਧਰ ਦੇ ਇੱਕ ਇੱਜ਼ਤਦਾਰ ਅਤੇ ਨਿਮਰ ਪਰਿਵਾਰ ਨਾਲ ਸਬੰਧ ਰੱਖਦੇ ਹਨ, ਉਨਾਂ ਦੇ ਪਿਤਾ ਸੁਖਮੋਹਨ ਸਿੰਘ (ਵਿੱਕੀ) ਸਹਿਗਲ ਜੋ ਕਿ ਜਲੰਧਰ ਦੇ ਇੱਕ ਜਾਣੇ-ਪਛਾਣੇ ਕਾਰੋਬਾਰੀ ਹਨ, ਦਾ ਬੀਐਮਸੀ ਚੌਕ ਵਿੱਚ ਇੱਕ ਪੈਟਰੋਲ ਸਟੇਸ਼ਨ ਵੀ ਹੈ। ਆਪਣੀ ਨਵੀਂ ਭੂਮਿਕਾ ਬਾਰੇ, ਐਡਵੋਕੇਟ ਏਪੀਐਸ ਸਹਿਗਲ ਨੇ ਸੁਪਰੀਮ ਕੋਰਟ ਵਿੱਚ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਆਪਣੀ ਵਚਨਬੱਧਤਾ ਪ੍ਰਗਟਾਈ। ਉਨ੍ਹਾਂ ਨੇ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਭਾਰਤ ਸਰਕਾਰ ਦੇ ਹਿੱਤਾਂ ਦੀ ਰਾਖੀ ਲਈ ਕੋਈ ਕਸਰ ਬਾਕੀ ਨਾ ਛੱਡਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਸਹਿਗਲ ਦੀ ਨਿਯੁਕਤੀ ਨਾ ਸਿਰਫ਼ ਇੱਕ ਨਿੱਜੀ ਪ੍ਰਾਪਤੀ ਹੈ, ਸਗੋਂ ਜਲੰਧਰ ਦੇ ਵਕੀਲ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ।