Punjab E News :- ਮਾਲਗੱਡੀਆਂ ਦੀ ਬਹਾਲੀ ਨਾਲ ਜਲੰਧਰ ਦੇ ਆਲੂ ਉਤਪਾਦਕਾਂ ਅਤੇ ਦੂਜੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਪਰਤ ਆਈ ਹੈ, ਜੋ ਕਿ ਪਿਛਲੇ ਕਾਫੀ ਸਮੇਂ ਤੋਂ ਯੂਰੀਆ ਦੀ ਕਮੀ ਨੂੰ ਲੈ ਕੇ ਪਰੇਸ਼ਾਨ ਸਨ। ਮਾਲਗੱਡੀਆਂ ਦੀ ਬਹਾਲੀ ਤੋਂ ਬਾਅਦ ਹੁਣ ਉਨ੍ਹਾਂ ਨੂੰ ਯੂਰੀਆ ਦੀ ਕਮੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਉਨ੍ਹਾਂ ਦੀਆਂ ਫ਼ਸਲ ਨੂੰ ਜਲਦੀ ਹੀ ਲੋੜੀਂਦੀ ਖੁਰਾਕ ਮਿਲੇਗੀ।
ਖੇਤੀਬਾੜੀ ਵਿਭਾਗ ਮੁਤਾਬਕ ਜ਼ਿਲ੍ਹੇ ਵਿੱਚ 63420 ਮੀਟ੍ਰਿਕ ਟਨ ਯੂਰੀਆ ਦੀ ਲੋੜ ਸੀ ਅਤੇ ਟ੍ਰੇਨਾਂ ਬੰਦ ਹੋਣ ਕਾਰਨ 17950 ਐਮਟੀ ਯੂਰੀਆ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਸੀ। ਹਾੜੀ ਸੀਜ਼ਨ ਦੀਆਂ ਫ਼ਸਲਾਂ ਲਈ ਯੂਰੀਆ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ।
ਯੂਰੀਆ ਇਕ ਮੁੱਖ ਪੋਸ਼ਕ ਤੱਤ ਹੈ, ਜੋ ਕਿ ਪੌਦਿਆਂ ਦੇ ਵਿਕਾਸ ਲਈ ਬੇਹੱਦ ਅਹਿਮ ਹੈ। ਆਲੂ ਉਤਪਾਦਕ ਅਤੇ ਕਣਕ ਦੀ ਫ਼ਸਲ ਦੀ ਬਿਜਾਈ ਕਰਨ ਵਾਲੇ ਕਿਸਾਨ ਯੂਰੀਆ ਦੀ ਕਮੀ ਨੂੰ ਲੈ ਕੇ ਕਾਫੀ ਫਿਰਰਮੰਦ ਸਨ।
ਪਿੰਡ ਹਰਦੋ ਫਰਾਲਾ ਦੇ ਕਿਸਾਨ ਸਤਨਾਮ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਫ਼ਸਲ ਲਈ ਯੂਰੀਆ ਦੀ ਦੂਜੀ ਖੁਰਾਕ ਦੀ ਤੁਰੰਤ ਜ਼ਰੂਰਤ ਸੀ ਪਰ ਉਸਨੂੰ ਆਪਣੀ ਲੋੜ ਮੁਤਾਬਕ ਮਾਰਕੀਟ ਵਿੱਚੋਂ ਯੂਰੀਆ ਉਪਲਬਧ ਨਹੀਂ ਹੋ ਪਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮਾਲਗੱਡੀਆਂ ਦਾ ਸੰਚਾਲਨ ਦੁਬਾਰਾ ਸ਼ੁਰੂ ਹੋਣ ਨਾਲ ਮਾਰਕੀਟ ਵਿੱਚ ਯੂਰੀਆ ਦੀ ਉਪਲਬਧਤਾ ਮੁੜ ਯਕੀਨੀ ਬਣੇਗੀ ਅਤੇ ਕਿਸਾਨਾਂ ਦੀ ਮੁਸ਼ਕਿਲ ਹੱਲ ਹੋ ਜਾਵੇਗੀ। ਉਨ੍ਹਾਂ ਇਸ ਉਪਰਾਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਯਤਨਾਂ ਸਦਕਾ ਟਰੇਨਾਂ ਮੁੜ ਸ਼ੁਰੂ ਹੋ ਸਕੀਆਂ ਹਨ।
ਪਿੰਡ ਲਲੀਆਂ ਕਲਾਂ ਦਾ ਕਿਸਾਨ ਜਗਜੀਤ ਸਿੰਘ, ਜੋ ਕਿ 50 ਏਕੜ ਵਿੱਚ ਆਲੂ ਦੀ ਫ਼ਸਲ ਲਾਉਂਦਾ ਹੈ, ਨੇ ਕਿਹਾ ਕਿ ਉਹ ਹੋਰਨਾਂ ਕਿਸਾਨਾਂ ਨਾਲ ਯੂਰੀਆ ਦੀ ਖਰੀਦ ਲਈ ਬਾਕਾਇਦਾ ਬਾਜ਼ਾਰ ਵਿਚ ਆਉਂਦੇ ਸਨ ਪਰ ਕੋਈ ਫਾਇਦਾ ਨਹੀਂ ਹੋਇਆ। ਯੂਰੀਆ ਉਪਲਬਧ ਨਾ ਹੋਣ ਕਾਰਨ ਉਹ ਕਾਫੀ ਪਰੇਸ਼ਾਨ ਸਨ। ਉਨ੍ਹਾਂ ਕਿਹਾ ਕਿ ਹੁਣ ਅਨਿਸ਼ਚਿਤਤਾ ਖਤਮ ਹੋ ਚੁੱਕੀ ਹੈ ਅਤੇ ਯੂਰੀਆ ਮਾਰਕੀਟ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮਾਲਗੱਡੀਆਂ ਮੁੜ ਸ਼ੁਰੂ ਕਰਵਾਉਣ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਕੀਤੇ ਗਏ ਯਤਨਾਂ ਲਈ ਸਰਕਾਰ ਦਾ ਧੰਨਵਾਦ ਕੀਤਾ।
ਪਿੰਡ ਨਾਗਰਾ ਦੇ ਕਿਸਾਨ ਲਖਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਦੀ ਬਦੌਲਤ ਮਾਲਗੱਡੀਆਂ ਮੁੜ ਸ਼ੁਰੂ ਹੋ ਰਹੀਆਂ ਹਨ ਅਤੇ ਸਮੁੱਚੇ ਕਿਸਾਨਾਂ ਨੂੰ ਯੂਰੀਆ ਮਿਲਣਾ ਸ਼ੁਰੂ ਹੋ ਜਾਵੇਗਾ, ਜਿਸ ਸਦਕਾ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਣੋਂ ਬਚ ਜਾਵੇਗਾ।