ਕਿਹਾ ਕਿ ਇਹੀ ਕਾਰਨ ਹੈ ਕਿ ਸਰਕਾਰ ਮਿਉਂਸਪਲ ਚੋਣਾਂ ਜਿੱਤਣ ਲਈ ਸਿਵਲ ਪ੍ਰਸ਼ਾਸਨ ਦੀ ਦੁਰਵਰਤੋਂ ਕਰਨ ਦਾ ਯਤਨ ਕਰ ਰਹੀ ਹੈ
ਸੂਬਾ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਕਾਂਗਰਸ ਕਮਿਸ਼ਨ ਵਜੋਂ ਕੰਮ ਨਾ ਕਰੇ
ਕਿਹਾ ਕਿ ਅਕਾਲੀ ਵਰਕਰ ਕਿਸਾਨ ਗਣਤੰਤਰ ਦਿਵਸ ਪਰੇਡ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਸ਼ਾਮਲ ਹੋਣਗੇ
Punjab E News:- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇਅੱਜ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਚਾਰ ਸਾਲਾਂ ਦੌਰਾਨ ਸ਼ਹਿਰੀ ਇਲਾਕਿਆਂ ਵਿਚ ਇਕ ਵੀ ਪੈਸਾ ਖਰਚ ਨਹੀਂ ਕੀਤਾ ਅਤੇ ਲੋਕ ਆਉਂਦੀਆਂ ਮਿਉਂਸਪਲ ਚੋਣਾਂ ਵਿਚ ਵਿਕਾਸ ਕਾਰਜਾਂ ਨੁੰ ਠੱਪ ਕਰਨ ਲਈ ਕਾਂਗਰਸ ਨੂੰ ਸਬਕ ਸਿਖਾਉਣਗੇ।
ਇਥੇ ਬਠਿੰਡਾ ਮਿਉਂਸਪਲ ਚੋਦਾਂ ਲਈ ਬੀਬੀਵਾਲਾ ਰੋਡ ’ਤੇ ਮੁੱਖ ਚੋਣ ਦਫਤਰ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼ਹਿਰਾਂ ਵਿਚ ਬੁਨਿਆਦੀ ਸਹੂਲਤਾਂ ਉਪਲਬਧ ਕਰਵਾਉਣ ਵਿਚ ਫੇਲ੍ਹ ਹੋਣ ਮਗਰੋਂ ਹੁਣ ਕਾਂਗਰਸ ਸਰਕਾਰ ਇਹਨਾਂ ਯਤਨਾਂ ਵਿਚ ਹੈ ਕਿ ਸਿਵਲ ਪ੍ਰਸ਼ਾਸਨ ਦੀ ਦੁਰਵਰਤੋਂ ਕਰ ਕੇ ਮਿਉਂਸਪਲ ਚੋਣਾਂ ਜਿੱਤ ਲਈਆਂ ਜਾਣ। ਉਹਨਾਂ ਕਿਹਾ ਕਿ ਮੈਂ ਅਫਸਰਾਂ ਨੂੰ ਚੇਤਾਵਨੀ ਦਿੰਦਾ ਹਾਂ ਕਿ ਉਹ ਕਾਂਗਰਸੀ ਆਗੂਆਂ ਦੇ ਜਾਲ ਵਿਚ ਨਾ ਫਸ ਜਾਣ ਤੇ ਚੋਣ ਕੁਤਾਹੀਆਂ ਨਾ ਕਰਨ। ਉਹਨਾਂ ਕਿਹਾ ਕਿ ਅਸੀਂ ਸੱਤਾ ਵਿਚਆਉਣ ਤੋਂ ਤੁਰੰਤ ਬਾਅਦ ਇਕ ਜੁਡੀਸ਼ੀਅਲ ਕਮਿਸ਼ਨ ਗਠਿਤ ਕਰਾਂਗੇ ਤਾਂ ਜੋ ਉਹਨਾਂ ਅਫਸਰਾਂ ਦੀ ਸ਼ਨਾਖ਼ਤ ਕੀਤੀ ਜਾ ਸਕੇ ਜੋ ਲੋਕਤੰਤਰ ਦੇ ਬੁਨਿਆਦੀ ਸਿਧਾਂਤਾਂ ਦੇ ਖਿਲਾਫ ਕੰਮ ਕਰ ਰਹੇ ਹਨ ਤਾਂ ਜੋ ਇਹਨਾਂ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।
ਸ੍ਰੀ ਸੁਖਬੀਰ ਸਿੰਘ ਬਾਦਲ, ਜਿਹਨਾਂ ਨੇ ਸ਼ਹਿਰ ਦੇ ਕਈ ਵਾਰਡਾਂ ਦਾ ਦੌਰਾ ਕੀਤਾ, ਨੇ ਕਿਹਾ ਕਿ ਅਫਸਰ ਜੋ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਥਾਂ ਵਿਚ ਖੇਡ ਰਹੇ ਹਨ, ਆਪਣੇ ਆਪ ਨੁੰ ਠੀਕ ਕਰ ਲੈਣ। ਉਹਨਾਂ ਕਿਹਾ ਕਿ ਸੂਬਾ ਚੋਣ ਕਮਿਸ਼ਨ ਨੂੰ ਕਾਂਗਰਸ ਕਮਿਸ਼ਨ ਵਜੋਂ ਕੰਮ ਨਹੀਂਕਰਨਾ ਚਾਹੀਦਾ ਤੇ ਉਹਨਾਂ ਸਾਰੇ ਅਫਸਰਾਂ ਦਾ ਤਬਾਦਲਾ ਕਰਨਾ ਚਾਹੀਦਾ ਹੈ ਜੋ ਪਿਛਲੇ ਤਿੰਨ ਤੋਂ ਜ਼ਿਆਦਾ ਸਮੇਂ ਤੋਂ ਇਕ ਥਾਂ ’ਤੇ ਤਾਇਨਾਤ ਹਨ।
ਸ੍ਰੀ ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਪਾਰਟੀ ਨੇ ਪਹਿਲਾਂ ਹੀ ਆਪਣੇ 40 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਤੇ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਲੋਕ ਕਾਂਗਰਸ ਖਾਸ ਤੌਰ ’ਤੇ ਮਨਪ੍ਰੀਤ ਬਾਦਲ ਤੋਂ ਅੱਕ ਗਏ ਹਨ ਜਿਹਨਾਂ ਨੇ ਹਰ ਮਹੀਨੇ ਇਕ ਉਦਯੋਗ ਲਾਉਣ ਦਾ ਵਾਅਦਾ ਕੀਤਾ ਸੀ ਪਰ ਕੀਤਾ ਕੁਝ ਨਹੀਂ।
ਜਦੋਂ ਕਿਸਾਨ ਅੰਦੋਲਨ ਅਤੇ ਕੇਂਦਰ ਦੇ ਇਸਪ੍ਰਤੀ ਹੁੰਗਾਰੇ ਬਾਰੇ ਪੁੱਛਿਆ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਤੇ ਇਹਨਾਂ ਦੇ ਭਲੇ ਪ੍ਰਤੀ ਚਿੰਤਤ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਕਿਸਾਨਾਂ ਵਿਚ ਇਹ ਇਕ ਰਾਇ ਹੈ ਕਿ ਤਿੰਨੋਂ ਖੇਤੀਕਾਨੂੰਨ ਰੱਦ ਹੋਣੇ ਚਾਹੀਦੇ ਹਨ ਤਾਂ ਫਿਰ ਕੇਂਦਰ ਨਾਲ ਮੀਟਿੰਗਾਂ ਕਰਨ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ।
ਉਹਨਾਂ ਕਿਹਾ ਕਿ ਇਸੇ ਤਰੀਕੇ ਸਰਕਾਰ ਨੂੰ ਵੀ ਕਿਸਾਨਾਂ ਨੁੰ ਕੌਮੀ ਝੰਡੇ ਨਾਲ ਗਣਤੰਤਰ ਦਿਵਸ ਰੇਡ ਕੱਢਣ ਤੋਂ ਨਹੀਂ ਰੋਕਣਾ ਚਾਹੀਦਾ। ਉਹਨਾਂ ਕਿਹਾ ਕਿ ਇਹ ਇਕ ਦੇਸ਼ ਭਗਤੀ ਵਾਲਾ ਕੰਮ ਹੈ ਤੇ ਸਾਨੂੰ ਇਸ ਗੱਲ ਦੀ ਵਡਿਆਈ ਕਰਨੀ ਚਾਹੀਦੀ ਹੈ ਕਿ ਕਿਸਾਨ ਜਥੇਬੰਦੀਆਂ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ ਹਾਲਾਂਕਿ ਸਰਕਾਰ ਉਹਨਾਂ ਨੂੰ ਭੜਕਾਉਣ ਦੇ ਗੰਭੀਰ ਯਤਨ ਕਰ ਰਹੀ ਹੈ। ਸ੍ਰੀ ਬਾਦਲ ਨੇ ਅਕਾਲੀ ਵਰਕਰਾਂ ਨੁੰ ਇਹ ਵੀ ਹਦਾਇਤ ਕੀਤੀ ਕਿ ਉਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਕਿਸਾਨ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਸਰੂਪੰ ਚੰਦ ਸਿੰਗਲਾ, ਸਾਬਕਾ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਤੇ ਸਾਬਕਾ ਮੇਅਰ ਬਲਜੀਤ ਸਿੰਘ ਬੀਰਬਹਿਮਨ ਵੀਹਾਜ਼ਰ ਸਨ।